ਗੁਰ ਕੀਰਤ ਪ੍ਰਕਾਸ਼ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਗੁਰ ਕੀਰਤ ਪ੍ਰਕਾਸ਼ (ਕਾਵਿ): ਕਵੀ ਵੀਰ ਸਿੰਘ ਬਲ ਦੀ ਲਿਖੀ ਇਸ ਕਾਵਿ-ਰਚਨਾ ਵਿਚ ਪਹਿਲੇ ਤੋਂ ਨੌਵੇਂ ਗੁਰੂ ਸਾਹਿਬ ਤਕ ਦੇ ਜੀਵਨ-ਚਰਿਤ੍ਰਾਂ ਬਾਰੇ ਕਵੀ ਨੇ ਆਪਣੇ ਮਨ ਦੀ ਭਾਵਨਾ ਨੂੰ ਅਭਿਵਿਅਕਤ ਕੀਤਾ ਹੈ। ਅੰਮ੍ਰਿਤਸਰ ਦੇ ਸਠਿਆਲਾ ਕਸਬੇ ਵਿਚ ਪੈਦਾ ਹੋਇਆ ਕਵੀ ਅਧਿਕਤਰ ਪਟਿਆਲੇ ਹੀ ਰਿਹਾ ਅਤੇ ਮਹਾਰਾਜਾ ਕਰਮ ਸਿੰਘ ਦੀ ਸਰਪ੍ਰਸਤੀ ਮਾਣਦਾ ਰਿਹਾ। ਪਟਿਆਲਾ ਨਗਰ ਵਿਚ ਸੰਨ 1834 ਈ. ਵਿਚ ਮੁਕੰਮਲ ਹੋਏ ਇਸ ਕਾਵਿ ਦਾ ਪ੍ਰਕਾਸ਼ਨ ਸੰਨ 1986 ਈ. ਵਿਚ ਪੰਜਾਬੀ ਯੂਨੀਵਰਸਿਟੀ ਵਲੋਂ ਕੀਤਾ ਗਿਆ ਹੈ। ਇਸ ਵਿਚ ਕੁਲ ਦਸ ਹੁਲਾਸ (ਕਾਂਡ) ਹਨ ਜਿਨ੍ਹਾਂ ਵਿਚੋਂ ਦਸਵੇਂ ਵਿਚ ਕਵੀ ਨੇ ਆਪਣਾ ਜੀਵਨ ਪਰਿਚਯ ਦਿੱਤਾ ਹੈ ਅਤੇ ਬਾਕੀਆਂ ਵਿਚ ਇਕ ਇਕ ਗੁਰੂ ਸਾਹਿਬ ਬਾਰੇ ਬ੍ਰਿੱਤਾਂਤ ਅੰਕਿਤ ਕੀਤਾ ਹੈ। ਇਨ੍ਹਾਂ ਹੁਲਾਸਾਂ ਵਿਚ ਛੰਦ-ਸੰਖਿਆ ਇਕ- ਸਮਾਨ ਨਹੀਂ। ਗੁਰੂ ਹਰਿਗੋਬਿੰਦ ਸਾਹਿਬ ਨਾਲ ਸੰਬੰਧਿਤ ਛੇਵਾਂ ਹੁਲਾਸ ਸਭ ਤੋਂ ਲੰਬਾ ਹੈ ਅਤੇ ਉਸ ਵਿਚ 593 ਛੰਦ ਸਮੋਏ ਗਏ ਹਨ। ਦਸਵਾਂ ਹੁਲਾਸ ਸਭ ਤੋਂ ਛੋਟਾ ਹੈ ਅਤੇ ਉਸ ਵਿਚ ਕੇਵਲ 45 ਛੰਦ ਹਨ। ਇਸ ਵਿਚ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਨੂੰ ਸ਼ਾਮਲ ਇਸ ਲਈ ਨਹੀਂ ਕੀਤਾ ਗਿਆ ਕਿਉਂਕਿ ਕਵੀ ਨੇ ਇਸ ਬਾਰੇ ‘ਸਿੰਘ ਸਾਗਰ ’ (ਵੇਖੋ) ਨਾਂ ਦੀ ਸੁਤੰਤਰ ਰਚਨਾ ਕੀਤੀ ਹੈ। ਬ੍ਰਜ-ਭਾਸ਼ਾ ਵਿਚ ਰਚੇ ਇਸ ਕਾਵਿ ਦਾ ਅੰਕਨ ਗੁਰਮੁਖੀ ਲਿਪੀ ਵਿਚ ਹੋਇਆ ਹੈ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1558, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਗੁਰ ਕੀਰਤ ਪ੍ਰਕਾਸ਼ ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਗੁਰ ਕੀਰਤ ਪ੍ਰਕਾਸ਼: ਵੀਰ ਸਿੰਘ ਬਲ ਦੁਆਰਾ ਲਿੱਖੀ ਕਾਵਿ ਰਚਨਾ ਹੈ ਜੋ ਦਸਾਂ ਗੁਰੂਆਂ ਵਿਚੋਂ ਨੌਂ ਗੁਰੂ ਸਾਹਿਬਾਨ ਦੇ ਜੀਵਨ ਬਿਰਤਾਂਤ ਨੂੰ ਕਵਿਤਾ ਵਿਚ ਬਿਆਨ ਕਰਦੀ ਹੈ। ਇਹ ਰਚਨਾ ਗੁਰਮੁਖੀ ਲਿਪੀ ਨਾਲ ਬ੍ਰਜ ਭਾਸ਼ਾ ਵਿਚ ਲਿਖੀ ਹੋਈ, 1891 ਬਿਕਰਮੀ/1834 ਈ. ਨੂੰ ਸੰਪੂਰਨ ਹੋਈ। ਇਸ ਰਚਨਾ ਦੇ ਦੋ ਖਰੜੇ ਪ੍ਰਾਪਤ ਹਨ, ਜਿਨ੍ਹਾਂ ਵਿਚੋਂ ਇਕ ਪੰਜਾਬ ਰਾਜ ਪੁਰਾਲੇਖ, ਪਟਿਆਲਾ ਦੇ (ਨੰਬਰ 682) ਵਿਚ ਅਤੇ ਦੂਜਾ ਪੰਜਾਬੀ ਯੂਨੀਵਰਸਿਟੀ , ਪਟਿਆਲਾ ਵਿਚ ਹੈ ਜਿਸਨੂੰ ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ 1986 ਵਿਚ ਪ੍ਰਕਾਸ਼ਿਤ ਕੀਤਾ ਸੀ। ਇਸ ਰਚਨਾ ਨੂੰ ਦਸ ਅਧਿਆਇਆਂ ਵਿਚ ਵੰਡਿਆ ਗਿਆ ਹੈ ਅਤੇ ਇੱਥੇ ਇਹਨਾਂ ਨੂੰ ‘ਹੁਲਾਸ’ ਕਿਹਾ ਗਿਆ ਹੈ। ਹਰ ਇਕ ਅਧਿਆਇ ਨੌਂਆਂ ਗੁਰੂਆਂ ਦੇ ਜੀਵਨ ਬਿਰਤਾਂਤ ਨਾਲ ਸੰਬੰਧਿਤ ਹੈ। ਸ਼ੁਰੂ ਵਿਚ ਗੁਰੂ ਨਾਨਕ ਦੇਵ ਜੀ ਨਾਲ ਸੰਬੰਧਿਤ ਪਹਿਲੇ ਅਧਿਆਇ ਵਿਚ 414 ਛੰਦ ਹਨ, ਇਸ ਤੋਂ ਅਗਲਾ (135 ਛੰਦ) ਗੁਰੂ ਅੰਗਦ ਦੇਵ ਜੀ ਨਾਲ ਸੰਬੰਧਿਤ ਹੈ। ਗੁਰੂ ਹਰਿਗੋਬਿੰਦ ਜੀ ਉੱਤੇ ਜੋ ਅਧਿਆਇ ਹੈ ਉਹ ਸਭ ਤੋਂ ਲੰਮਾ ਹੈ ਅਤੇ ਇਸਦੇ 593 ਛੰਦ ਹਨ। ਨੌਂਵਾਂ ਅਧਿਆਇ (71 ਛੰਦ) ਗੁਰੂ ਤੇਗ਼ ਬਹਾਦਰ ਜੀ ਨਾਲ ਸੰਬੰਧਿਤ ਹੈ ਅਤੇ ਦਸਵਾਂ ਅਧਿਆਇ (45 ਛੰਦ), ਲੇਖਕ ਦੇ ਜੀਵਨ ਅਤੇ ਰਚਨਾ ਸੰਬੰਧੀ ਸੰਖੇਪ ਜਾਣਕਾਰੀ ਪ੍ਰਦਾਨ ਕਰਦਾ ਹੈ। ਇਸ ਰਚਨਾ ਵਿਚ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਨੂੰ ਸ਼ਾਮਲ ਨਹੀਂ ਕੀਤਾ ਗਿਆ ਹੈ ਕਿਉਂਕਿ ਲੇਖਕ ਨੇ ਇਸ ਨੂੰ ਆਪਣੀ ਵੱਡੀ ਰਚਨਾ ਸਿੰਘ ਸਾਗਰ ਦਾ ਹਿੱਸਾ ਬਣਾਇਆ ਹੈ। ਇਸ ਰਚਨਾ ਦੀ ਅੰਤਿਮ ਟਿੱਪਣੀ ਵਿਚ ਦੱਸਿਆ ਗਿਆ ਹੈ ਕਿ ਲੇਖਕ ਅੰਮ੍ਰਿਤਸਰ ਜ਼ਿਲੇ ਦੇ ਪਿੰਡ ਸਠਿਆਲਾ ਦਾ ਰਹਿਣ ਵਾਲਾ ਸੀ ਅਤੇ ਇਸਨੇ ਆਪਣੇ ਜੀਵਨ ਦਾ ਬਹੁਤ ਸਮਾਂ ਪਟਿਆਲਾ ਦੇ ਮਹਾਰਾਜਾ ਦੇ ਦਰਬਾਰ ਵਿਚ ਗੁਜ਼ਾਰਿਆ ਸੀ। ਮਹਾਰਾਜਾ ਕਰਮ ਸਿੰਘ (1798-1845) ਦੇ ਰਾਜ ਦੌਰਾਨ ਇਹ ਇੱਥੇ ਸੀ ਅਤੇ ਇੱਥੇ ਹੀ ਇਸ ਨੇ ਇਸ ਰਚਨਾ ਨੂੰ ਸੰਪੂਰਨ ਕੀਤਾ ਸੀ।


ਲੇਖਕ : ਪ.ਸ.ਪ. ਅਤੇ ਅਨੁ.: ਜ.ਪ.ਕ.ਸੰ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1558, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.